Mandeep Singh Sidhu is known historian and his articles on various subjects around Punjabi Cinema are regularly published in various newspapers.
Recently he met Bollywood legend Dharmendra and gifted his latest published book titled “The Illustrated History Of Punjabi Cinema 1935-1985”.
Giving insights of his emotional interaction he shared following message.
15 February 2020
ਭਾਰਤੀ ਫ਼ਿਲਮਾਂ ਦੇ ਮਾਰੂਫ਼ ਅਦਾਕਾਰ ਧਰਮਿੰਦਰ ਬਾਈ ਜੀ (ਧਰਮ ਭਾਅ ਜੀ) ਨੂੰ ਮਿਲਣ ਦੀ ਖ਼ਵਾਹਿਸ਼ ਹਰ ਉਸ ਫ਼ਿਲਮ ਮੱਦਾਹ ਦੀ ਹੁੰਦੀ ਹੈ ਜੋ ਉਹਨਾਂ ਦੀ ਅਦਾਕਾਰੀ ਦੇ ਸ਼ਿੱਦਤ ਨਾਲ ਦੀਵਾਨੇ ਹਨ। ਇਹੋ ਜਿਹੀ ਤਮੰਨਾ ਚਿਰਾਂ ਤੋਂ ਮੇਰੀ ਵੀ ਸੀ ਪਰ ਸਬੱਬ ਨਾ ਬਣ ਸਕਿਆ।
ਇਕ ਦਿਨ ਜਗਦਰਸ਼ਨ ਸਮਰਾ ਬਾਈ ਜੀ ਤੇ ਮੈਂ ਕਿਸੇ ਨਵੇਂ ਫ਼ਿਲਮ ਪਰੋਜੈਕਟ ਬਾਬਤ ਤਬਾਦਲਾ-ਏ-ਖ਼ਿਆਲਾਤ ਕਰ ਰਹੇ ਸੀ ਤਾਂ ਧਰਮਿੰਦਰ ਬਾਈ ਜੀ ਦਾ ਜ਼ਿਕਰ ਵੀ ਚੱਲ ਪਿਆ ਤਾਂ ਮੈਂ ਕਿਹਾ ਬਾਈ ਜੀ ਮੈਂ ਪਿਛਲੇ ਸਾਲ ਉਹਨਾਂ ਨੂੰ ਮਿਲਣ ਗਿਆ ਸੀ ਬੰਬੇ (ਮੁੰਬਈ) ਪਰ ਉਹ ਬੰਬੇ ਤੋਂ ਬਾਹਰ ਗਏ ਹੋਣ ਸਦਕਾ ਮੁਲਾਕਾਤ ਨਾ ਹੋ ਸਕੀ। ਕਹਿੰਦੇ ਛੋਟੇ ਵੀਰ ਇਸ ਵਾਰ ਮੈਂ ਤੈਨੂੰ ਆਪਣੇ ਨਾਲ ਲੈ ਕੇ ਚੱਲੂੰ ਧਰਮਿੰਦਰ ਭਾਅ ਜੀ ਦੇ ਘਰ ਬੰਬੇ। ਮੇਰੇ ਲਈ ਆਪਣੇ ਦਿਲ-ਪਸੰਦ ਅਦਾਕਾਰ ਨੂੰ ਮਿਲਣਾ ਉਹ ਵੀ ਸਮਰਾ ਬਾਈ ਜੀ ਦੇ ਨਾਲ ਕਿਸੇ ਵੱਡੀ ਖੁਸ਼ੀ ਤੋਂ ਘੱਟ ਨਹੀਂ ਸੀ।
ਖ਼ੈਰ ਨਾਲ ਅਸੀਂ ਬੰਬੇ ਪਹੁੰਚ ਗਏ ਮੇਰੇ ਨਾਲ ਮੇਰਾ ਅਜ਼ੀਜ਼ ਮਿੱਤਰ ਮੰਗਤ ਗਰਗ (ਬਠਿੰਡਾ) ਵੀ ਸੀ ਜੋ ਤਬੀਅਤ ਦਾ ਸ਼ਾਇਰ ਤੇ ਮੌਜੀ ਬੰਦਾ ਹੈ।
ਅਸੀਂ ਕਾਫ਼ੀ ਫ਼ਿਲਮ ਫਨਕਾਰਾਂ ਨਾਲ ਮੁਲਾਕਾਤਾਂ ਕਰਨ ਤੋਂ ਬਾਅਦ ਹਰਜੀਤ ਵਾਲੀਆ ਬਾਈ ਜੀ ਦੇ ਘਰ ਚੱਲ ਪਏ। ਅੱਗੋਂ ਹਰਜੀਤ ਵਾਲੀਆ ਬਾਈ ਵੀ ਯਾਰਾਂ ਦੇ ਯਾਰ ਤੇ ਦਿਲਦਾਰ ਬੰਦੇ ਹਨ।
ਗੱਲਾਬਾਤਾਂ ਕਰਨ ਤੋਂ ਬਾਅਦ ਮੈਂ ਬਾਈ ਮੋਹਨ ਬੱਗੜ (ਫਾਈਟ ਮਾਸਟਰ/ਅਦਾਕਾਰ) ਨੂੰ ਫ਼ੋਨ ਲਾਇਆ ਤੇ ਕਿਹਾ ਮੈਂ ਹਰਜੀਤ ਬਾਈ ਜੀ ਦੇ ਘਰ ਹਾਂ। ਕਹਿੰਦੇ ਹਰਜੀਤ ਨੂੰ ਨਾਲ ਲੈ ਕੇ ਘਰ ਆ ਜਾ ਮਨਦੀਪ। ਫਿਰ ਅਸੀਂ ਤਿੰਨੋ ਬੱਗੜ ਬਾਈ ਦੇ ਘਰ ਪਹੁੰਚ ਗਏ ਆਪਣੀ ਕਿਤਾਬ ਵੀ ਦਿੱਤੀ ਉਹਨਾਂ ਨੂੰ। ਇਸ ਤੋਂ ਬਾਅਦ ਉਹਨਾਂ ਨੇ ਬਾਈ ਧਰਮਿੰਦਰ ਨੂੰ ਫ਼ੋਨ ਲਾਇਆ ਕਿ ਮਨਦੀਪ ਪਟਿਆਲਿਓਂ ਆਇਆ ਹੋਇਆ ਹੈ। ਕਹਿੰਦੇ ਆ ਜਾਓ ਘਰ ਮੈਂ ਘਰ ਆ ਗਿਆ ਹਾਂ (ਇਕ ਦਿਨ ਪਹਿਲਾਂ ਕਰਨਾਲ ਗਏ ਹੋਏ ਸਨ)। ਬਾਕੀ ਸਮਰਾ ਬਾਈ ਜੀ ਪਹਿਲੋਂ ਤੋਂ ਹੀ ਉੱਥੇ ਮੌਜੂਦ ਸਨ।
ਜਦੋਂ ਅਸੀਂ ਧਰਮਿੰਦਰ ਬਾਈ ਜੀ ਦੇ ਘਰ ਪਹੁੰਚੇ ਤਾਂ ਉਹ ਸਾਡੀ ਉਡੀਕ ਕਰ ਰਹੇ ਸਨ। ਮੈਂ ਬੜਾ ਹੈਰਤਜ਼ਦਾ ਸੀ ਕਿ ਐਡਾ ਵੱਡਾ ਫ਼ਨਕਾਰ ਵੀ ਕਿਸੇ ਆਮ ਬੰਦੇ ਦਾ ਇੰਤਜ਼ਾਰ ਕਰਦਾ ਹੋਊ। ਪਰ ਹੋਵੇ ਵੀ ਕਿਓਂ ਨਾ ਕਿਉਂਕਿ ਮੇਰੇ ਨਾਲ ਉਹਨਾਂ ਦੇ ਪਰਿਵਾਰਕ ਮਿੱਤਰ ਜਗਦਰਸ਼ਨ ਸਮਰਾ ਬਾਈ ਜੀ, ਮੋਹਨ ਬੱਗੜ ਬਾਈ ਜੀ ਤੇ ਹਰਜੀਤ ਵਾਲੀਆ ਵਰਗੇ ਦਿਲਾਦਰ ਇਨਸਾਨ ਜੋ ਸਨ।
ਇਹ ਮੇਰੀ ਹਿਆਤੀ ਦਾ ਨਾਕਾਬਿਲ-ਏ-ਫਰਾਮੋਸ਼ ਸਮਾਂ ਸੀ ਜਦੋਂ ਮੇਰੀ ਮੁਲਾਕਾਤ ਆਪਣੇ ਪਸੰਦੀਦਾ ਅਦਾਕਾਰ ਨਾਲ ਹੋ ਰਹੀ ਸੀ। ਕਾਸ਼ ਵੋਹ ਲਮਹਾ ਰੁਕ ਜਾਂਦਾ …..
ਧਰਮਿੰਦਰ ਬਾਈ ਜੀ ਨੂੰ ਆਪਣੀ ਕਿਤਾਬ ਭੇਟ ਕੀਤੀ। ਉਹਨਾਂ ਨੇ ਕਿਤਾਬ ਦਾ ਇਕ-ਇਕ ਸਫ਼ਾ ਖੋਲ੍ਹ ਕਿ ਮੇਰੇ ਨਾਲ ਆਪਣੇ ਪਸੰਦੀਦਾ ਫ਼ਨਕਾਰਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਜਿਹਨਾਂ ਦਾ ਖ਼ਸੂਸੀ ਜ਼ਿਕਰ ਆਪਣੇ ਮਜ਼ਮੂਨ ਜ਼ਰੀਏ ਆਪ ਨਾਲ ਸਾਂਝਾ ਕਰੂੰਗਾ…..
-ਮਨਦੀਪ ਸਿੰਘ ਸਿੱਧੂ, ਪਟਿਆਲਾ
Credits: Mandeep Singh sidhu